ਮੁਖਬੰਧ


ਮਹਾਰਾਜ ਸ਼ੇਰ ਸਿੰਘ ਤਨ ਵਜ਼ੂਦ ਮਾਟੀ ਖ਼ਾਕ ਪੰਜ ਤਤ ਦਾ ਪੁਤਲਾ ਸਰਗੁਣ ਸਰੂਪ ਬਵੰਜਾ ਸਾਲ ਦੀ ਆਯੂ ਭੋਗ ਕੇ ਇਸ ਸੰਸਾਰ ਮਾਤਲੋਕ ਵਿਚੋਂ ਛੱਬੀ ਪੋਹ ਵੀਹ ਸੌ ਬਿਕ੍ਰਮੀ ਨੂੰ ਦੇਹ ਛੱਡ ਕੇ ਆਪਣੀ ਜੋਤ ਨੂੰ ਸਚਖੰਡ ਪੁਰਖ ਅਕਾਲ ਦੀ ਨਿਰਗੁਣ ਧਾਰ ਜੋਤ ਵਿਚ ਮਿਲਾ ਕੇ ਫਿਰ ਓਸੇ ਸਮੇਂ ਅਗੰਮੀ ਖੇਲ ਕਰਨ ਵਾਸਤੇ ਜੋਤ ਸ਼ਬਦ ਦੀ ਧਾਰ ਬਣ ਕੇ ਪੂਰਨ ਸਿੰਘ ਸਪੁਤਰ ਸਰਦਾਰ ਪਾਲ ਸਿੰਘ ਦੇ ਪਵਿਤਰ ਸ਼ਰੀਰ ਵਿਚ ਪਰਗਟ ਹੋ ਗਏ । ਇਟਲੀ ਮੁਲਕ ਬ੍ਰਿੰਡਸੀ ਸ਼ਹਿਰ ਵਿਚ ਪੂਰਨ ਸਿੰਘ ਫੌਜੀ ਨੌਕਰੀ ਕਰਦਾ ਸੀ ਅਤੇ ਰਾਤ ਦੇ ਦਸ ਵਜੇ ਸਤਿਜੁਗ ਦੀ ਧਾਰ ਨਵਿਤ ਸਾਰੇ ਸੰਸਾਰ ਦਾ ਪ੍ਰਭੂ ਦਾ ਨਾਮ ਜਪਣ ਵਾਲਾ ਜੈਕਾਰਾ ਪ੍ਰਸਿਧ ਕੀਤਾ ਜੋ ਕਿ ਸਰਬ ਮਾਨਵ ਜ਼ਾਤੀ ਆਤਮਾ ਪ੍ਰਮਾਤਮਾ ਦੇ ਅਧਾਰ ਉਤੇ ਹੈ । ਜੈਕਾਰਾ ਇਸ ਪ੍ਰਕਾਰ ਹੈ :-
ਜੋਤ ਪ੍ਰਵੇਸ਼ ਪੂਰਨ ਸਿੰਘ ਦੇ ਸ਼ਰੀਰ ਵਿਚ ਹੁੰਦੀ ਰਹੀ । ਏਸੇ ਤਰ੍ਹਾਂ ਸੱਤ ਜੇਠ ਵੀਹ ਸੌ ਛੇ ਬਿਕ੍ਰਮੀ ਵਾਲੇ ਦਿਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪ ਨੇ ਸਤਿਜੁਗ ਦੀ ਧਾਰ ਚਲਾਉਣ ਵਾਸਤੇ ਅਤੇ ਆਪਣੇ ਸ਼ਬਦ ਨੂੰ ਸੰਸਾਰ ਵਿਚ ਪ੍ਰਗਟ ਕਰਨ ਵਾਸਤੇ ਇਕ ਅਲੌਕਿਕ ਖੇਲ ਖੇਲਿਆ । ਸੰਗਤ ਦਾ ਇਕੱਠ ਪਿੰਡ ਕਲਸੀਆਂ ਵਿਚ ਮੋਤਾ ਸਿੰਘ ਦੇ ਘਰ ਕੀਤਾ । ਜੋਤ ਪ੍ਰਵੇਸ਼ ਸੀ । ਸੰਗਤ ਪ੍ਰੇਮ ਨਾਲ ਸ਼ਬਦ ਕੀਰਤਨ ਕਰ ਰਹੀ ਸੀ । ਧੁੱਪ ਅਤੇ ਗਰਮੀ ਬਹੁਤ ਸੀ । ਸੰਗਤ ਦਾ ਪ੍ਰੇਮ ਵੇਖ ਕੇ ਜੋਤ ਸਰੂਪ ਜੋਤ ਨੇ ਹੁਕਮ ਕੀਤਾ ਅੱਜ ਮੀਂਹ ਵਸੇਗਾ । ਉਸੇ ਸਮੇਂ ਸਵਰਨ ਸਿੰਘ ਸਪੁਤਰ ਸ੍ਰੀ ਚੇਤ ਸਿੰਘ ਕਲਸੀਆਂ ਵਾਲੇ ਨੇ ਉਠ ਕੇ ਬੇਨੰਤੀ ਕੀਤੀ ਕਿ ਅੱਜ ਮੀਂਹ ਨਾ ਵਸੇ । ਉਸ ਵਕਤ ਜੋਤ ਪੂਰਨ ਸਿੰਘ ਦੇ ਸ਼ਰੀਰ ਵਿਚ ਪ੍ਰਵੇਸ਼ ਤੇ ਪ੍ਰਗਟ ਸੀ । ਸੰਗਤ ਬੜੇ ਪ੍ਰੇਮ ਨਾਲ ਮੰਗਲਾਚਾਰ ਕਰ ਰਹੀ ਸੀ । ਗੁਰਸਿਖ ਦੇ ਬਚਨ ਮੋੜਨ ਕਰ ਕੇ ਸਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇ ਜੋਤ ਸਰੂਪੀ ਹੁਕਮ ਦਿੱਤਾ ਕਿ ਸਾਡਾ ਵਿਹਾਰ ਸਰਬ ਸ੍ਰਿਸਟੀ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜਿਮੀ ਅਸਮਾਨ ਵਿਚ ਹੁਕਮ ਨਾਲ ਹੋਣਾ ਹੈ । ਸਾਡਾ ਹੁਕਮ ਤੇ ਬਚਨ ਕੋਈ ਸਿਖ ਨਾ ਮੋੜੇ । ਇਸ ਕਰਕੇ ਅਸੀਂ ਮਰਯਾਦਾ ਕਠਿਨ ਰੱਖਣ ਦੇ ਕਾਰਨ ਸਵਰਨ ਸਿੰਘ ਦਾ ਸਰੀਰ ਛੁਡਾ ਕੇ ਲੇਖੇ ਲੌਦੇ ਹਾਂ ਅਤੇ ਅਗੇ ਵਾਸਤੇ ਮਾਰਗ ਲੌਦੇ ਹਾਂ ਕਿ ਕੋਈ ਸਿਖ ਆਪਣੇ ਜੀਵਨ ਜਿੰਦਗੀ ਵਿਚ ਗੁਰੂ ਦਾ ਹੁਕਮ ਨਾ ਮੋੜੇ । ਕਲਸੀਆਂ ਵਾਲਾ ਚੇਤ ਸਿੰਘ ਮਹਾਰਾਜ ਜੀ ਦਾ ਬੜਾ ਪਿਆਰਾ ਸਿਖ ਸੀ । ਏਸੇ ਕਾਰਨ ਉਸ ਦੇ ਨਾਮ ਨੂੰ ਵਡਿਆਈ ਦੇਣ ਖ਼ਾਤਰ ਉਸ ਦੇ ਸਪੁਤਰ ਸਵਰਨ ਸਿੰਘ ਦੀ ਪਹਿਲੀ ਭੇਟ ਲੈ ਕੇ ਆਪਣੇ ਅਗੰਮੀ ਭਾਵ ਨੂੰ ਸੰਸਾਰ ਵਿਚ ਪ੍ਰਗਟ ਕਰਨ ਦਾ ਆਰੰਭ ਕੀਤਾ । ਬੜੀ ਖ਼ੁਸ਼ੀ ਵਿਚ ਅਗੰਮੀ ਬਾਣੀ ਦਾ ਸਤਿਜੁਗ ਵਾਸਤੇ ਸ਼ਬਦ ਉਚਾਰਨ ਕੀਤਾ । ਅਚਾਨਕ ਹੀ ਸੱਤ ਜੇਠ ਦੁਪਹਿਰ ਦੇ ਦੋ ਵਜੇ ਵੀਹ ਸੌ ਛੇ ਬਿਕ੍ਰਮੀ ਜੋਤ ਸਰੀਰ ਵਿਚੋਂ ਖਿਚ ਕੇ ਆਪਣੀ ਜੋਤ ਵਿਚ ਮਿਲਾ ਲਈ । ਉਸ ਸਮੇਂ ਪੂਰਨ ਗੁਰਸਿਖ ਚੇਤ ਸਿੰਘ ਨੇ ਬੜੀ ਖੁਸ਼ੀ ਮਨਾਈ ਜਿਸ ਵੇਲੇ ਉਸ ਦੇ ਸਪੁੱਤਰ ਦੀ ਦੇਹ ਛੁੱਟੀ । ਸਵਰਨ ਸਿੰਘ ਦੀ ਆਯੂ ਬਾਈ ਸਾਲ ਦੀ ਸੀ । ਸੰਗਤ ਵਿਚ ਮਹਾਂਸੁਖ ਆਨੰਦ ਹੋਇਆ । ਸੰਗਤ ਨੇ ਬੜੀ ਖ਼ੁਸ਼ੀ ਮਨਾਈ ਕਿ ਪੁਰਖ ਅਕਾਲ ਨੇ ਆਪਣੇ ਹੁਕਮ ਅਨੁਸਾਰ ਗੁਰਸਿਖ ਨੂੰ ਆਪਣੇ ਵਿਚ ਮਿਲਾਇਆ ਨਾਲ ਹੀ ਧ੍ਰੂ ਦੀ ਪਦਵੀ ਦਾ ਮਾਣ ਬਖ਼ਸ਼ਿਆ । ਉਸ ਦਿਨ ਤੋਂ ਸਤਿਜੁਗ ਦੀ ਧਾਰ ਵਾਸਤੇ ਲਿਖਤ ਅਰੰਭ ਹੋਈ । ਪੁਰਖ ਅਕਾਲ ਦੀ ਜੋਤ ਸ਼ਬਦ ਧਾਰ ਦਾ ਵਿਹਾਰ ਪੂਰਨ ਸਿੰਘ ਦੇ ਸ਼ਰੀਰ ਰਾਹੀਂ ਸੰਸਾਰ ਵਿਚ ਪ੍ਰਸਿਧ ਹੋਇਆ । ਪੂਰਨ ਸਿੰਘ ਸਪੁੱਤਰ ਸਰਦਾਰ ਪਾਲ ਸਿੰਘ ਮਾਤਾ ਬਿਸ਼ਨ ਕੌਰ ਚਕ ਨੰਬ੍ਰ ਸਤਾਈ ਝੰਗ ਬਰਾਂਚ ਜਿਲਾ ਲਾਇਲਪੁਰ ਦੇ ਰਹਿਣ ਵਾਲੇ ਸਨ ।
ਸ਼ਬਦ ਦੀ ਆਵਾਜ਼ ਵਿਚ ਹੁਕਮ ਹੋਇਆ ਕਿ ਸਾਡੀ ਸਤਿਜੁਗ ਦੀ ਅਥਾਹ ਬਾਣੀ ਪੰਜਾਂ ਕਲਮਾਂ ਨਾਲ ਪੰਜ ਲਿਖਾਰੀ ਲਿਖਣਗੇ । ਜੋਤ ਸ਼ਬਦ ਦੇ ਹੁਕਮ ਅਨੁਸਾਰ ਪੰਜ ਲਿਖਾਰੀ ਵੀਹ ਸੌ ਪੰਝੀ ਬਿਕ੍ਰਮੀ ਮੁਤਾਬਕ ਸੰਮਤ ਸ਼ਹਿਨਸ਼ਾਹੀ ਚਾਰ / ਪੰਜ ਵਿਚ ਪ੍ਰਗਟ ਤੇ ਪ੍ਰਸਿਧ ਕੀਤੇ ਗਏ । ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ :
(੧) ਦਰਸ਼ਨ ਸਿੰਘ ਸਪੁੱਤਰ ਪਾਲ ਸਿੰਘ ਪਿੰਡ ਲੱਲੀਆਂ ਜਿਲਾ ਜਲੰਧਰ ।
(੨) ਸੁਰਜੀਤ ਸਿੰਘ ਸਪੁੱਤਰ ਪੂਰਨ ਸਿੰਘ ਪਿੰਡ ਜੇਠੂਵਾਲ ਜਿਲਾ ਅੰਮ੍ਰਿਤਸਰ ।
(੩) ਜਗੀਰ ਸਿੰਘ ਸਪੁੱਤਰ ਬਲਵੰਤ ਸਿੰਘ ਪਿੰਡ ਭੋਲੇਕੇ ਜਿਲਾ ਗੁਰਦਾਸਪੁਰ ।
(੪) ਤਰਿਪਤ ਕੌਰ ਸਪੁੱਤਰੀ ਰਾਮ ਸਿੰਘ ਗਵਾਲ ਟੋਲੀ ਮਕਾਨ ਨੰਬਰ ੩੮੬ ਫਿਰੋਜ਼ਪੁਰ ।
(੫) ਜੁਗਿੰਦਰ ਕੌਰ ਸਪੁੱਤਰੀ ਰਾਮ ਸਿੰਘ ਗਵਾਲ ਟੋਲੀ ਮਕਾਨ ਨੰਬਰ ੩੮੬ ਫਿਰੋਜ਼ਪੁਰ ।
ਅਗੰਮੀ ਸਤਿਗੁਰ ਸ਼ਬਦ ਦਾ ਧੁਰ ਫ਼ਰਮਾਣ ਸ਼ਬਦ ਧਾਰ ਵਿਚ ਪ੍ਰਗਟ ਕੀਤਾ ਗਿਆ ਜਿਸ ਵਿਚ ਬੀਤੇ ਹੋਏ ਚੌਂਹ ਜੁਗਾਂ ਦੇ ਅਵਤਾਰਾਂ ਪੈਗੰਬਰਾਂ ਗੁਰੂਆਂ ਅਤੇ ਭਗਤਾਂ ਦੇ ਭਵਿਖਤ ਵਾਕਾਂ ਅਨੁਸਾਰ ਅਕਾਲ ਪੁਰਖ ਨਿਰਗੁਣ ਜੋਤ ਸਤਿ ਸਰੂਪ ਨੇ ਸਤਿਜੁਗ ਦੀ ਧਾਰ ਲਈ ਇਕ ਮਾਰਗ ਪ੍ਰਸਿਧ ਕੀਤਾ ਆਤਮਾ ਪਰਮਾਤਮਾ ਦੇ ਅਧਾਰ ਉਤੇ । ਸਾਰੀ ਸ੍ਰਿਸ਼ਟੀ ਦਾ ਮਾਨਵ ਜ਼ਾਤੀ ਦਾ ਮਨੁਸ਼ੀ ਨਾਤਾ ਸਾਂਝਾ ਬਣਾਇਆ, ਜਿਸ ਵਿਚ ਕਿਸੇ ਦੀਨ ਮਜ਼੍ਹਬ ਜ਼ਾਤ ਪਾਤ ਸ਼ਰਅ ਦਾ ਕੋਈ ਵਿਤਕਰਾ ਨਹੀਂ ਹੈ । ਇਹ ਗ੍ਰੰਥ ਭਗਤ ਭਗਵਾਨ ਦਾ ਇਸ਼ਟ ਤੇ ਭਗਤ ਭਗਵਾਨ ਦਾ ਮਾਰਗ ਸੰਸਾਰ ਨੂੰ ਦਰਸਾਉਂਦੇ ਹਨ ।

These celestial messages are extracted from 24 granths, by reading and reflecting, you can enrich your mind and soul.